MANU ARCHIVE

Asking Out Ms. Leanne Beaton
ਤੇ ਗੱਲ ਇਤ-ਥਾਂ ਮੁੱਕ ਜਾਣੀ ਚਾਹੀਦੀ ਸੀ

27. ਰਲ਼-ਮਿਲ਼ ਕੇ ਕੁਝ ਸਮਝਣ ਦਾ ਯਤਨ

x|y : ਅਸਾਂ-ਡੀ ਕੌਣ ਸਮਝਦਾ ਏ, ਸਾਰੇ ਆਪਣੀ ਹੀ ਮਾਰੀ ਜਾਵੰਦੇ ਨ।

ਮੈਂ: ਯਾਨੀ ਸਾਰੇ ਤੁਹਾਡੇ ਵਾਂਙ ਕੰਧ ਚ ਸਿਰ ਮਾਰਨ, ਹੋਰ ਕੁਝ ਨਾ ਕਰਨ? ਕੀ ਹੋ ਗਿਆ ਜੇ ਦੋ ਸਿ਼ਫ਼ਟਾਂ ਲੱਗ ਵੀ ਗਈਆਂ ਤਾਂ?

x|y : ਇਸ ਬੰਦੇ ਨੇ ਅਸਾਂ ਸਾਰਿਆਂ ਨੂੰ ਮਰਵਾਣਾ ਏ। ਨਾ ਹੱਥ-ਪੈਰ ਇਦ੍ਹੇ ਆਖੇ ਚ ਨਾ ਅਕਲ-ਮੱਤ, ਤੇ ਕੰਨਾਂ ਚ ਇਨ੍ਹੇਂ ਪੱਖੇ ਲਵਾਏ ਨ॥ ਇਕੋ ਹੀ ਕੰਮ ਹੋਵੰਦਾ ਏ ਬੰਦੇ ਦਾ ਕਿ ਸਾਰੀ ਚੀਜ਼ ਨੂੰ ਜੋੜ ਕੇ ਰੱਖਣਾ। ਹੱਥ ਸੜ੍ਹ ਜਾਵੇ ਤਾਂ ਹੱਥ ਦਾ ਕਸੂਰ, ਠੇਡਾ ਲੱਗ ਜਾਵੇ ਤਾਂ ਪੈਰਾਂ ਦਾ ਕਸੂਰ, ਇਹ-ਦਾ ਆਪ ਦਾ ਕੋਈ ਕਸੂਰ ਨਹੀਂ? ਆਪ ਜੀ ਤਾਂ ਐਸੇ building manager ਓ ਜਿਹੜੇ ਸਿਰਫ਼ ਕਿਰਾਇਆ ਵਸੂਲਣ ਸਮੇਂ ਸਿਰ ਪੁੱਜ ਜਾਵੰਦੇ ਓ।

ਮੈਂ: ਸਾਰੇ ਸੁਣੋ, ਪੜ੍ਹਨ ਵਾਲ਼ੇ ਵੀ। ਲਿਖਣਾ ਤਾਂ ਦੂਰ ਦੀ ਗੱਲ, ਇਸ ਵੇਲ਼ੇ ਮੈਂ-ਨੂੰ ਕੁਝ ਨਹੀਂ ਪਿਆ ਸੁਝਦਾ। ਅਸੀਂ ਸਾਰੇ ਘਰ ਜਾ ਕੇ, ਨਹਾ-ਧੋ ਕੇ ਕੁਝ ਪਲ਼ mundane ਕੰਮ ਕਰਾਂਗੇ ਤਾਂ ਹੋਸ਼ ਆਵੇਗੀ। ਓਸ ਤੋਂ ਬਾਅਦ ਜੇ ਸਾਰਿਆਂ ਦੀ ਮਰਜ਼ੀ ਹੋਈ ਤਾਂ ਅੱਜ ਰਸੋਈ ਚ ਹੋਈਆਂ ਘਟਨਾਵਾਂ ਬਾਰੇ ਗੱਲਬਾਤ ਕੀਤੀ ਜਾ ਸਕਦੀ ਏ। ਸਗੋਂ ਮੈਂ-ਨੂੰ ਵੀ ਪਿੱਠ ਦੀ ਫਿ਼ਕਰ ਏ, ਕੁਝ ਟੁੱਟ-ਭੱਜ ਨਾ ਗਿਆ ਹੋਵੇ?

ਅੰਝ ਅਸੀਂ ਸਾਰੇ ਘਰ ਜਾ ਕੇ ਇਕ-ਦੂਜੇ ‘ਤੇ ਕੇਸ ਕਰਨ ਲਈ ਰਾਜ਼ੀ ਹੋ ਗਏ।


Conviction

_ 2023, 9pm। ਘਰ ਆਣ ਕੇ

ਓਸ ਦਿਨ ਰਸੋਈ ਹੋਈਆਂ ਘਟਨਾਵਾਂ, ਜਿਵੇਂ Leanne ਨੂੰ ਚੋਰੀ ਚੁੱਕ ਲਿਆਵਣ ਦੀ ਫ਼ੇਲ ਸਕੀਮ, ਸੁੰਨਤ ਚ ਦੋ ‘ਕੱਠੀਆਂ ਸਿ਼ਫ਼ਟਾਂ ਚੁੱਕ ਲੈਣੀਆਂ, ਸਾਡੇ ਸਾਰਿਆਂ ਦਾ (ਹੱਥ-ਪੈਰ, ਲੱਤਾਂ, ਸਿਰ ਵਗੈਰਾ) ਇਕ-ਦੂਜੇ ‘ਪਰ ਐਤਬਾਰ ਘੱਟ ਹੋ ਜਾਣਾ, ਤੇ ਕੁਝ ਕੁ ਮੇਰੀਆਂ ਗ਼ੈਰ-ਜਿ਼ੰਮੇਵਾਰ ਹਰਕਤਾਂ ਕਾਰਨ ਸ਼ਾਮਾਂ ਨੂੰ ਅੰਸਾਂ-ਡੀ ਇਕ meeting ਹੋਈ। ਇਹ ਕੋਈ ਕਾਨੂੰਨੀ ਕਾਰਵਾਈ ਨਹੀਂ ਸੀ, ਪਰ ਓਹ-ਦੀ ਹੀ rehearsal ਸੀ। ਹੇਠਾਂ ਇੰਨ-ਬਿੰਨ ਉਤਾਰਾ ਪੜੋ:

5:42 PM 9/15/2026

x|y: ਅਸੀਂ ਸੋਚਦੇ ਸਾਂ ਪਏ, ਕਿ ਕਿੰਝ ਕਰ ਹੋਸੀ? ਤੁਸੀਂ ਸੋਚਦੇ ਬਹੁਤਾ ਓ ਪਰ ਸੋਚਦੇ ਗ਼ਲਤ ਓ। ਅੱਜ ਰਸੋਈ ਚ ਨਿੱਕੀ ਅੱਗ ਲੱਗੀ ਸੀ, ਬੁਝ ਗਈ। ਸਭ ਠੀਕ ਨ, ਪਰ ਇਸ ਬਾਰੇ ਗੱਲ ਕਰਨ ਦੀ ਲੋੜ ਏ। ਅਜੇ ਕੋਈ ਨੁਕਸਾਨ ਨਹੀਂ ਹੋਇਆ, ਪਰ ਹੋ ਸਕਦਾ-‘ਹੈ’। ਹੈ- ਨਹੀਂ {ਪਰ}: ‘ਹੋ’͢ ਸਕਦਾ_ ਹੈ। ਤੁਹਾਂ ਨੂੰ ਸੋਚਣਾ ਬੰਦ ਕਰਨਾ ਪੈਵਣਾ ਏ। ਅਸਾਂ-ਡਾ ਕੰਮ ਏ, ਅਸਾਂ ਨੂੰ ਕਰ ਲੈਵਣ ਦਿਓ। ਤੁਸੀਂ ਆਪ ਸਮਝਦਾਰ ਓ, ਜੋ ਕਰਨਾ ਏ ਆਪਣੇ ਨਾਲ਼ ਕਰੋ। Leanne ਵੀ ਬਹੁੰ ਸੂਝਵਾਨ ਤੇ ਸੁਣੱਖੀ ਏ, ਓਹ-ਨੂੰ ਵੀ ਆਪਣਾ ਕਰਨ ਦਿਓ, ਤੁਸੀਂ ਨਾ ਕਰੋ। ਤੁਸੀਂ ਹੋਰਾਂ ਕੋਲ਼ੋਂ ਤੇ ਹੋਰ ਤੁਹਾਂ-ਕੋਲ਼ੋਂ ਬਚ ਕੇ ਰਹਿਣ।

“ਹੱਦ ਹੋ ਗਈ”, ਮੈਂ ਸੋਫ਼ੇ ਤੋਂ ਛਾਲ਼ ਮਾਰ ਕੇ ਬੋਲਿਆ। “ਦੁਨੀਆਂ ਚ ਦੋ ਹੀ ਤਰ੍ਹਾਂ ਦੇ ਲੋਕ ਨ— ਮੈਂ, ਤੇ ਹੋਰ ਲੋਕ। ਓਹ ਵੀ ਆਪਸ ਚ ਨਾ ਮਿਲਣ? ਏਨੀ ਕੁ ਹੀ ਖੋਜ ਕਰ ਹੋਈ ਏ ਤੁਹਾਂ-ਤੋਂ? ਨਾ ਹੋਂਦੇ ਓਹ ਲੋਕ, ਨਾ ਹੋਂਦੇ ਤੁਸੀਂ— ਤੇ ਨਾ ਹੋਂਦਾ ਮੈਂ।”

ਇਹ ਸਿਆਣੀਆਂ ਗੱਲਾਂ ਹੁਣ ਮੈਂ-ਨੂੰ ਮੇਰਾ ਸਿਰ ਦਸਦਾ ਸਾ। ਅਖੇ ਮੈਂ ਪਹਿਲਾਂ ਬਾਹਰ ਨਿਕਲਿਆ ਸਾਂ, ਤੁਸੀਂ ਮੈਂ-ਤੋਂ ਨਿੱਕੇ ਓ। ਮੈਂ ਸਿਰ ਨੂੰ ਓਹ-ਦੇ ਘੁਮੰਡੀ ਹੋਣ ਦੀ ਲਾਹਨਤਾ ਪਾਵੰਦਾ ਸਾਂ, ਇਹ ਨਾ ਸੀ ਪਤਾ ਕਿ ਓਨ੍ਹਾਂ ਸਾਰਿਆਂ ਨੇ ਪਹਿਲਾਂ ਹੀ ਸੁਲਾ ਕੀਤੀ ਹੋਈ ਸੀ।

“ਜਾਓ ਬਾਪੂ ਜੀ ਜਾਓ, ਧੋਵੋ ਲੋਕਾਂ ਦੇ ਭਾਂਡੇ। ਦੁਨੀਆਂ ਪਵੇ ਖੂਹ ਚ, ਭਾਂਡਾ ਤਾਂ ਲਿਸ਼ਕਨਾ ਚਾਹੀਏ- ਕਿ ਨਾ?” ਮੇਰੀ ਲੱਤ ਬੋੱਲੀ। ਇਹ ਪਹਿਲਾਂ ਹੀ ਦੋ ਦਿਨਾਂ ਦੀ ਦੁਖਦੀ ਸੀ, ਸੋ ਦੁਖਿਆਰੀ ਦੇ ਮੂੰਹੋਂ ਨਿਕਲ਼ੇ ਮੰਦੇ ਬੋਲ਼ਾਂ ਨੂੰ ਮੈਂ ਦਿਲ ਨਾਲ਼ ਨਹੀਂ ਲਾਇਆ। ਮੈਂ ਅਜੇ ਵੀ Leanne ਵਰਗੇ ਲੋਕਾਂ ਨਾਲ਼ ਮਿਲਣ-ਮਿਲਾਵਣ ਚ ਪੂਰੀ ਨੀਠ੍ਹਾ ਰਖਦਾ ਸਾਂ। ਪਰ ਦੂਜੇ ਦੀ ਆਖੀ ਗੱਲ ਦਾ ਕੁਝ ਤਾਂ ਅਸਰ ਹੋਂਦਾ ਹੀ ਏ? ਮੈਂ ਤਾਂ ਆਪ ਮੰਨਦਾ ਵਾਂ ਕਿ ਮੈਨੂੰ ਲਭਦਾ ਘੱਟ ਏ, ਤਾਂ ਹੀ ਮੈਂ ਦੋ-ਦੋ ਅੱਖਾਂ ਲਵਾਈਆਂ ਨ। ਪਰ ਮੈਂ ‘ਕੱਲਾ ਕੀ ਕਰ ਸਕਦਾ ਸਾਂ, ਜੇ ਬਾਕੀ ਬੋਦੇ ਮੰਨੇ ਹੀ ਨਾ?

ਮੇਰੀ ਵੱਡੀ ਲੱਤ ਨੇ diplomacy ਸੰਭਾਲ਼ੀ, ਤੇ ਆਖਣ ਲੱਗੀ, “ ਵੇੱਖੋ ਪਿਤਾ ਜੀ, ਓਹ game ਕਿਓਂ ਖੇਡਣੀ ਜਿਦ੍ਹੇ ਚ ਹਾਰਨਾ ਤੈਅ ਵੇ? ਵਿਚਾਰੀ ਪਿੱਠ ਦੇ ਪਿੱਠ ਪੀੜ ਹੋਂਦੀ ਏ ਕਈ ਦਿਨਾਂ ਤੋਂ, ਤਾਂ ਵੀ ਤੁਹਾਡੇ ਨਾਲ਼ ਦੌੜਦੀ ਫਿਰਦੀ ਏ। ਕੱਲ ਨੂੰ ਮੈਂ-ਨੂੰ ਵੀ ਕੁਝ ਹੋ ਗਿਆ, ਜਾਂ ਤੁਸੀਂ ਮੰਜਾ ਫੜ ਲਿਆ, ਤਾਂ ਭਲ਼ਾ ਭਾਂਡੇ ਧੁਲਣੋ ਰਹਿ ਜਾਣੇ ਨ?”

ਯਾਨੀ ਬਾਕੀ ਸਾਰੇ ਠੀਕ ਨ, ਗਲ਼ਤੀ ਮੇਰੀ ਹੀ ਏ। ਮੈਂ ਹੀ ਸਭ ਤੋਂ ਬਾਅਦ ਬਾਹਰ ਨਿਕਲਿਆ ਸਾਂ, ਹੈਂ-ਨਾ? ਸਗੋਂ ਜੰਮ ਕੇ ਮੈਂ ਤਾਂ ਕਿਹੇ ਨੂੰ ਲੱਭਿਆ ਹੀ ਨਹੀਂ, ਬੱਸ ਇਹੋ ਸਾਰੇ ਤੁਰੀ ਫਿਰਦੇ ਨ। ਮੇਰੇ ਅੰਦਰ ਦਾ ਕੱਬਾ ਬੁੜਾ ਫਿਰ ਤਪ ਗਿਆ, ਤੇ ਆਪਣੀ ਹੀ ਲੱਤ ਪਿੱਛੇ ਪੈ ਗਿਆ। ਮਖਾਂ ਮੇਰੇ ਜੇਡੀ ਹੋ ਗਈ ਏਂ, ਤੂੰ ਕਿਹੜਾ ਮੈਡਲ ਜਿੱਤ ਲਿਆ ਜਿਹੜਾ ਮੈਂ ਗਲ਼ ਚ ਪਾ ਰੱਖਿਆ? ਨਿੱਕੀਆਂ-ਨਿੱਕੀਆਂ ਹੋਂਦੀਆਂ ਸE ਜਦੋਂ ਦਾ ਤੁਹਾਂ-ਨੂੰ ਚੱੁਕੀ ਫਿਰਦਾ ਵਾਂ। ਹੁਣ ਦਸਦਿਆਂ ਵੋ ਕਿ ਤੁਸਾਂ ਮੈਂ-ਨੂੰ ਚੁੱਕ ਕੇ ਰੱਖਿਆ ਏ? ਮੇਰਾ ਸੂਆ ਮੈਂ-ਨੂੰ ਹੀ ਖੁਰ ਵਿਖਾਲਦਾ ਏ? ਪਰ ਮੇਰਾ ਸੂਆ ‘ਕੱਲਾ ਖੁਰ ਹੀ ਨਹੀਂ ਸੀ ਮਾਰਦਾ, toxic poetry ਵੀ ਕਰਦਾ ਸਾ।

ਮੇਰੀ ਨਿੱਕੀ ਲੱਤ ਦਾ ਸ਼ੇਅਰ ਸੁਣੋ:

ਫ਼ਨਿਆਰ ਅੱਗੇ ਆਰਜਾ ਅਰ ਮੈਂਂਸ ਕੇ ਆਗੇ ਬੀਨ
ਸੂਈ ਨੱਕਿਓਂ ਬਾ’ਜ ਨਾ, ਭਾਵੇਂ ਲੱਖ ਮਹੀਨ

ਮੈਂ ਚੱਪਲ ਖੋਲ੍ਹ ਕੇ ਓਹ-ਦੇ ਪਿੱਛੇ ਵਗਾਹ ਮਾਰੀ।, ਮਖਾਂ ਆ ਮੈਂ ਦੇਵਾਂ ਤੈ-ਨੂੰ ਕਲ਼ਾ-ਭਵਨ ਵਾਲ਼ਾ ‘ਵਾਰਡ! ਹੈਂ ਪਿਓ ਦੀ ਤਾਂ ਖਲੋ ਇਹ-ਥੇ ਹੀ। ਓਹ ਕੁਝ ਦੇਰ ਓਹ-ਥੇ ਹੀ ਖਲੋਤੀ ਮੂਰਖਾਂ ਵਾਂਙ ਮੇਰੇ ਵੱਲ ਵੇਖਦੀ ਰਹੀ। ਫਿਰ ਓਹ-ਨੇ ਮੇਰੀ ਹੀ ਮਾਰੀ ਚੱਪਲ ਪਾਈ, ਤੇ ਪਰ੍ਹਾਂ ਸੋਫ਼ੇ ‘ਤੇ ਜਾ ਬੈਠੀ।

ਮੇਰੇ ਬਿੰਗ ਕਿਹ-ਦਿਹੋਂ ਸਿੱਧੇ ਹੋਣੇ ਨ ਏਨ੍ਹਾਂ ਤੋਂ? ਖੁਰ ਮਾਰ ਕਿ ਖਲੋਣ ਦੀ ਆਦਤ ਏ, ਤੇ ਹੁਝ ਮਾਰ ਕੇ ਝੁੰਗਣ ਦੀ। ਕੋਈ ਨਵੇਂ ਸੂਏ ਦੇ ਸਿੰਗ ਨਹੀਂ ਜਿਹੜੇ ਠੁਕਵਾ ਲਓਗੇ। ਸਾਲ਼ੀ ਉਮਰ ਚੜ੍ਹੀ ਏ, ਚਰਬਾ ਏ। ਦਿਹੰਦਾ ਸਾ ਕਿਸੇ ਜ਼ਮਾਨੇ ਚ ਚੰਗਾ ਭਲ਼ਾ। ਹੁਣ ਘੱਟ ਦੀਹਂਦਾ ਏ। ਵੇਖਣ ਦਾ ਜੀਅ ਕਰਦਾ ਏ, ਪਰ ਬਹੁਤਾ ਕੁਝ ਨਹੀਂ ਲੱਭਦਾ। ਖਿਝ ਆਵੰਦੀ ਏ। ਤੁਸੀਂ ਲੋਕ ਆਖਦੇ ਓ ਰਹਿਣ ਦੇ? ਵੇਖ ਹੀ ਨਾ?

ਏਨੇ ਨੂੰ ਮੇਰਾ ਸਿਰ ਕੋਲ਼ ਆ ਕੇ ਬੈਠ ਗਿਆ। ਮੈਂ ਵੇਖਿਆ ਓਹ-ਦੇ ਸਿਰ ‘ਤੇ ਝਰੋ੍ਹਟ ਲੱਗੀ ਸੀ। ਮਖਾਂ ਇਹ ਸੱਟ ਕਿੱਥੋਂ ਲੁਵਾ ਲਿਆਇਆ ਏਂ? ਮੇਰਾ ਹੱਥ ਇਸ ਕਿਤਾਬ ਦਾ 2023 ਚ ਲਿਿਖਆ ਖਰੜਾ ਕੱਢ ਲਿਆਇਆ ਤੇ ਮੇਰੇ ਅੱਗੇ ਧਰ ਦਿੱਤਾ:

Note from old manuscript
ਇਕ ਛਤਰੀ ਅਰ ਹਮ ਹੈਂ ਦੋ। ਇਬ ਕਯਾ ਹੋ?

ਗੱਲ ਠੀਕ ਸੀ। ਮੈਂ ਓਸ ਦਿਨ ਭਾਵੇਂ ਭੁਲੇਖੇ ਨਾਲ਼ ਹੀ ਸਹੀ, ਆਪਣੇ ‘ਤੇ ਹੀ ਹੱਥ ਚੁੱਕਿਆ ਸਾ। ਯਾਨੀ ਮੇਰੀ ਲੱਤਾਂ-ਬਾਹਵਾਂ ਤੇ ਹੋਰ ਸਭ ਕੁਸ ਨੂੰ ਸੱਚੀਂ ਮੈਂ-ਤੋਂ ਸੁਰੱਖਿਆ ਦੀ ਲੋੜ ਸੀ, ਤੇ ਏਹ-ਦੀ ਮਨਜ਼ੂਰੀ ਵੀ ਮੈਨੂੰ ਹੀ ਦੇਣੀ ਪੈਣੀ ਸੀ। Leanne ਮੇਰੇ ਦਿਲ਼ ਨੂੰ ਰਗੜ ਰਹੀ ਏ, ਇਹ ਵਿਚਾਰੇ ਕਿਹ-ਥਾਂ ਹੋਰ ਰਗੜੇ ਜਾ ਰਹੇ ਨ।

ਆਪਣੇ ਹੀ ਸਿਰ ਤੇ ਪਿਆਰ ਨਾਲ਼ ਹੱਥ ਫ਼ੇਰ ਮੈ ਆਖਿਆ, “ ਤੁਹਾਂ-ਨੂੰ ਪਤਾ ਏ, she pulls me. I would have felt the same, if you guys hadn’t suffered as you all suggest. She’s one of those people ਜਿਨ੍ਹਾਂ ਨੂੰ ਵੇਖ ਕੇ ਮੁੜ ਦੁਨੀਆਂ-ਦੁਨੀਆਂ ਖੇਡਣ ਦਾ ਜੀਅ ਕਰਦਾ ਏ। ਮੈਨੂੰ ਕੰਮ ਤੇ ਜਾਵਣ ਦਿਓ। ਵਾਅਦਾ ਕਰਦਾ ਵਾਂ, ਹੁਣ ਤੋਂ ਸਭ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਭੋਗ ਲਵਾਵਾਂਗਾ- ਫਿਰ ਆਪ ਖਾਹ-ਵਾਂਗਾ।” (ਮੈਂ ਏਨ੍ਹਾਂ ਭੁੱਖਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਸਾਂ, ਏਨ੍ਹਾਂ ਤੋਂ ਮੁਕਰ ਨਹੀਂ ਹੋਣਾ)।

ਮੇਰੀ ਗੱਲ ਸੁਣ ਕੇ ਮੇਰੀਆਂ ‘ਲੱਤਾਂ ਦੇ ਕੰਨ’ ਖੜੇ ਹੋ ਗਏ ਤੇ ਓਹ ਉੱਠ ਖਲੋਤੀਆਂ। ਸਿਰ ਨੂੰ ਵੀ ਨਵੀਂ ਲੱਗੀ ਸੱਟ ਦਾ ਚੇਤਾ ਭੁੱਲ ਗਿਆ ਤੇ ਆਖਣ ਲੱਗਿਆ, “ ਭਾਪਾ ਜੀ, ਓਹ ਹੈ ਵੀ ਬਹੁਤੀ ਸੁਹਣੀ। ਆਪਣੇ ਆੱਸੇ-ਪਾਸੇ ਢਠਾਹ ਵੱਲ ਵੇੱਖੋ, ਬਾਹਰ ਝੁਲ੍ਹਦੇ ਝੱਖੜ ਵੱਲ ਵੇੱਖੋ। ਨਾ ਕੋਈ ਥਾਂ, ਨਾ ‘ਥੇ (ਦੇਹ, ਸਰੀਰ)। ਤਾਂ ਵੀ ਕੁਝ ਨਿੱਕਾ-ਨਿੱਕਾ ਜਗਦਾ-ਬੁੱਝਦਾ ਏ ਅੰਨੇਰੇ ਅੰਦਰ। ਜਾਣਾ ਪੈਵੰਦਾ ਏ, ਹੱਥ ਲਾ’ਕੇ ਵੇੱਖਣਾ ਪੈਵੰਦਾ ਏ। ਹੱਥ ਸਾੜ ਕੇ ਵੇੱਖਣਾ ਪੈਵੰਦਾ ਏ। ਤੁਸੀ ਜਾਓ, ਹੱਥ ਲਾ ਕੇ ਵੇੱਖੋ। ਭਾਂਡਿਆਂ ਦਾ ਕੀ ਏ, ਮਸ਼ੀਨਾਂ ਲੱਗੀਆਂ ਨ ਉਤ-ਥਾਂ ।

ਮੇਰੇ ਹੱਥ ਨੇ ਓਹ-ਦੇ ਸੜ ਜਾਣ ਦੀ hyper-normalization ਤੇ ਏਤਰਾਜ਼ ਕੀਤਾ ਤੇ ਬੋਲਿਆ, “ਫਿਰ ਤੁਸੀਂ ਅੰਨੇ ਹੋਏ ਜਾਂ ਮੈਂ? ਅੱਗ ਚ ਹੱਥ ਪਾਵੰਦਾ ਕੋਈ ਹੋਰ ਏ, ਪਵਾਵੰਦਾ ਕੋਈ ਹੋਰ ਏ, ਤੇ ਅੱਗ ਮੇਰੇ ਚਿੱਤੜਾਂ ਨੂੰ ਲਗਦੀ ਏ।”

“ਓਹ ਨਹੀਂ ਕਮਲਿ਼ਆ, ਜਾਣ ਬੁੱਝ ਕੇ ਨਹੀਂ ਲਵਾਈਦੀ। ਬੰਦੇ ਅੱਗੇ ਕਦੇ ਕੋਈ ਤੱਤੀ ਚੀਜ਼ ਵੀ ਹੋਂਦੀ ਏ ਜੋ ਭਾਸਦੀ ਠੰਡੀ ਏ। ਹੁਣ ਸਭ ਤੋਂ ਅੱਗੇ ਲੱਗਿਆ ਹੀ ਤੂੰ ਵੈਂ, ਕੀ ਕਰੀਏ? ਸਭਨਾਂ ਸਮਝਾਇਆ।

“ਅੱਗੇ ਤਾਂ ਹੋਰ ਵੀ ਬਥੇਰਾ ਕੁਝ ਲੱਗਿਆ ਹੋਂਦਾ ਏ, ਓਹ-ਨੂੰ ਲਵਾਓ ਸੇਕਾ?”। ਏਹ-ਨੇ ਅੜੀ ਕੀਤੀ।

ਸਾਰੇ ਹੀ ਏਧਰ-ਓਧਰ ਲਗਦੇ ਰਹਿੰਦੇ ਨ, ਮੈਂ ਹੱਥ ਨੂੰ ਹੌਂਸਲਾ ਦਿੱਤਾ। ਮੇਰੀਆਂ ਬਾਹਵਾਂ ਆਖਣ ਲੱਗੀਆਂ, “ਚੱਲ, ਅੱਜ ਅਸੀਂ ਤੈਨੂੰ ਕੱਛਾਂ ਥੱਲੇ ਨੱਪ ਕੇ ਰੱਖਾਂਗੀਆਂ। ਪਹਿਲਾਂ ਹੋਰਾਂ ਨੂੰ ਚੈੱਕ ਕਰ ਲੈਵਨ-ਦੇਵਾਂਗੇ।

“ਓਹ ਜਦੋਂ ਮੇਰੇ ਨਾਲ਼ ਲਗਦੀ ਏ, ਤਾਂ ਬੜੀ ਚੰਗੀ ਲਗਦੀ ਏ,” ਮੇਰੀ ਪਿੱਠ ਨੇ ਸੰਗ ਕੇ ਆਖਿਆ ।

“ਲੈ ਸਾਰਾ ਫ਼ਸਾਦ ਤਾਂ ਇਤ-ਥਾਓਂ ਸ਼ੁਰੂ ਹੋਇਆ ਸਾ, ਤਾਂ ਹੀ ਹੁਣ ਸਾਰੇ ਕਚਹਿਰੀ ਚ ਬੈਠੇ ਵਾਂ। ਕੀ ਹੋਇਆ ਸਾ ਕੱਲ ਰਸੋਈ ਚ? ਅਸਾਂ ਕੰਨਾਂ ਥਾਈਂ ਧੂੰਆਂ ਨਿਕਲਦਾ ਵੇਖਿਆ ਸਾ…” ਸਾਰਿਆਂ ਨੇ ਪੁੱਛਿਆ।

ਪਿੱਠ ਬਿਨ੍ਹਾਂ ਸਾਡੇ ਸਵਾਲ ਦਾ ਜੁਆਬ ਦਿਤਿਆਂ ਬੋਲਦੀ ਰਹੀ:

“ਓਹ ਨਾਲ਼ ਅੰਞ ਲਗਦੀ ਏ, ਜਿਵੇਂ ਬਿਨ੍ਹਾਂ ਪੀੜ ਕਰਿਆਂ ਕੋਈ ਮਿੱਠਾ ਸੱਪ ਲੜੇ। ਜਿਵੇਂ ਮੈਨੂੰ ਵੀ ਘੜੀ ਭਰ ਲਈ ਦੁਧੀਆਂ ਲੱਗ ਜਾਵੰਦੀਆਂ ਨ”
Artwork: Author's back as a woman

ਕਮਲੀ!

ਸਾਰੇ ਹੱਸ-ਹੱਸ ਦੁਹਰੇ ਹੋ ਗਏ। ਮੇਰਾ ਮੂੰਹ ਚਾਹੰਬਲ ਗਿਆ ਤੇ ਮੇਰੀ ਪਿੱਠ ਨੂੰ ਚੱਕ ਮਾਰਨ ਦਾ ਚੋਜ ਕਰਦਾ ਓਹ-ਦੇ ਪਿੱਛੇ ਨੱਸਣ ਲੱਗ ਪਿਆ। ਮੇਰੀ ਪਿੱਠ ਕਮਲਿਆਂ ਵਾਂਙ ਉੱਚੀ-ਉੱਚੀ ਹੱਸਦੀ ਸੋਫ਼ੇ ਹੇਠਾਂ ਜਾ ਲੁਕੀ। ਮੇਰਾ ਮੂੰਹ ਓਹ-ਦੀ ਦਿਸਦੀ ਦੁੰਬ ਨਾਲ਼ ਕੁਝ ਦੇਰ ਖੇਡਦਾ ਰਿਹਾ, ਤੇ ਮੁੜ ਉਤ-ਥਾਂ ਹੀ ਸੌਂ ਗਿਆ। ਮੈਂ ਏਹ-ਨੂੰ ਚੁੱਕ ਕੇ ਆਪਣੇ ਪਿੰਡੇ ਨਾਲ਼ ਲਾਇਆ ਤੇ ਸਭਨਾਂ ਪਰ ਕੰਬਲ ਦੇ ਕੇ ਆਪ ਵੀ ਸੌਂ ਗਿਆ।

The body calls a meeting.

After a day of work, desire, exhaustion and a little too much Leanne, Manu’s hands, legs, back and head decide they have had enough—and want to know who is actually in charge.

The resulting trial is less about finding a verdict than trying, somehow, to stay together.

ਪਾਠਕਾਂ ਵੱਲੋਂ ਗੰਢੀਆਂ ਗੱਲਾਂ| User's Comments
←Previous | Index | Next →