Postface- Yadwinder Singh
ਬੇੜੇ `ਤੇ ਅੱਗ ਲੱਗੀ ਏ- ਤਮਾਸ਼ਾ ਵੇਖਣਾ ਏ ਤਾਂ ਆ ਜਾਵੀਂ।
ਅੱਗ ਲਾ ਕੇ ਬਿੱਲੂ ਆਪੇ ਤਾਂ ਕੰਧ ’ਤੇ ਜਾ ਚੜਿਆ; ਜਾਂ ਖਵਰੇ ਬੇਤਾਲ ਵਾਂਗੂੰ ਕੰਧਾੜੇ ਚੜ ਗਿਐ; ਤੇ ਹੁਣ ਲਹਿੰਦਾ ਕੋਨੀ। ਨਾਲੇ ਆਂਹਦਾ ਤਮਾਸ਼ਾ ਕੱਲਾਂ ਆਪਾਂ ਈ ਨ੍ਹੀਂ ਵੇਹਣਾ; ਹੋਰਾਂ ਨੂੰ ਵੀ ਵਿਖਾਲਣੈ। ਆਪ ਤਾਂ ਏਹ ਉਸਤਾਦ ਮਜ੍ਹਮਾ ਲਾ ਕੇ ਬਹਿ ਗਿਆ; ਤੇ ਜਮੂਰਾ ਇਹਨੂੰ ਲੱਭ ਗਿਆ— ਮੈਂ। ਅਖੇ, ਤੂੰ ਬੱਸ ਗੁੱਡਾ ਬੰਨ ਦੇ; ਬਾਕੀ ਤਮਾਸ਼ਾ ਮੈਂ ਆਪੇ ਵਿਖਾਲ ਲਊਂ। ਉਤੋਂ ਕੱਛ ਵਿਚੋਂ ਮਲਵੈਣਾਂ ਵਾਲਾ ਮੂੰਗਲਾ ਕੱਢ ਮਾਰਿਆ - ਯਾਰੀ ਹਾਣ ਦੇ ਮੁੰਡੇ ਨਾਲ ਲਾਈਏ, ਇਕੋ ਜਿੰਨਾ ਜੋਰ ਲੱਗਦਾ। ਇਹਨੂੰ ਆਪ ਤਾਂ ਪਿੰਡਾ ਖੁਰਕਣ ਦਾ ਝੱਲ ਏ; ਲਾਗ ਦੀ ਬੀਮਾਰੀ ਮੈਨੂੰ ਵੀ ਲਾ ਕੇ ਕਹਿਣ ਲੱਗਾ - ਦੇਖੀਂ ਆਪਾਂ Khaj The ਵਪਾਰ ਰੋੜ ਲੈਣੈ। ਪੰਜ-ਸੱਤ ਖੁਰਕਣ ਆਲੇ ਹੋਰ ਲੱਭ ਗਏ ਤਾਂ ਆਪਣੀ ਹੱਟੀ ਚੱਲ ਨਿਕਲੂ। ਪਹਿਲਾਂ ਤਾਂ ਇਹਦੀ ਗੱਲ ਬਾਹਲੀ ਜਚੀ ਨ੍ਹੀਂ। ਫੇਰ ਇਹਨੇ ਗੁੜ ਦੀ ਭੇਲੀ ਦੇ ਕੇ ਵਰ੍ਹਾ ਲਿਆ। ਮਰਦਾ ਕੀ ਨਾ ਕਰਦਾ। ਅਣਮੰਨੇ ਜਿਹੇ ਮਨ ਨਾਲ ਵਕਾਲਤਾਨਾਮਾ ਲਿਖਣ ਦੀ ਹਾਮੀ ਓਟ ਲਈ।
ਅਮਰਜੀਤ ਚੰਦਨ ਦੇ ਲੇਖ ‘ਪ੍ਰੇਮ ਕੇਲਾ’ ਦੀ ਬੁਣਤੀ ਉਤਾਰਦਿਆਂ ਉਸਤਾਦ ਨੇ ਕੁਝ ਕੁੰਡੇ ਉਲਟੇ ਪਾ ਛੱਡੇ ਸਨ; ਨਾਲੇ ਫੜ੍ਹ ਮਾਰ ਦਿੱਤੀ ਸੀ ਕਿ ਕਿਸੇ ਸੁਆਣੀ ਘਰੋਂ ਆਈ ਸੁਆਦਲੀ ਵਸਤ ਖਾ ਕੇ ਕੌਲੀ ਖਾਲ੍ਹੀ ਨ੍ਹੀਂ ਮੋੜੀਦੀ। ਖਾ-ਪੀ ਕੇ ਕੌਲੀ ਨੂੰ ਸੁੱਚਾ ਕਰ ਮੁੜ ਰਸਦ ਪਾ ਘੱਲੀਦਾ ਏ। ਰਸਦ ਵੀ ਉਹ ਨ੍ਹੀਂ ਜਿਹੜੀ ਗੁਆਂਢੀਆਂ ਘਰੋਂ ਆਈ ਹੋਵੇ। ਆਪਣਾ ਚੁੱਲ੍ਹਾ ਬਾਲ ਕੇ ਕੁਝ ਸੱਜਰਾ ਪਕਾ ਕੇ ਭੇਜੀਦਾ। ਇਹਦੇ ਮਗਰ ਲੱਗ ਕੇ ਮੈਂ ਚੁੱਲ੍ਹਾ ਤਾਂ ਬਾਲ ਲਿਆ; ਪਤਾ ਬਾਅਦ ’ਚ ਲੱਗਿਆ ਬਈ ਇਹਦੇ ਕੋਲ਼ ਤਾਂ ਭੁੱਖਿਆਂ ਦੀ ਫ਼ੌਜ ਏ ਪੂਰੀ। ਐਨੇ ਸਾਰੇ ਭੁੱਖਿਆਂ ਦੀ ਭੁੱਖ ਰਜਾਵਣ ਵਾਲਾ ਸਾਲਣ ਕਿੱਥੋ ਆਵੇ। ਸਾਲਣ ਛੱਡੋ ਐਥੇ ਤਾਂ ਬਾਲਣ ਦੀ ਤੋਟ ਏ। ਅੱਖਰਾਂ ਦੀਆਂ ਛਿਲਤਰਾਂ ਨਾਲ ਭਲਾਂ ਕਿਤੇ ਚੁੱਲ੍ਹੇ ਦਾ ਮੂੰਹ ਡੱਕਿਆ ਜਾਂਦੈ। ਉਤੋਂ, ਬਿੱਲੂ ਨੇ ਤੀਲੀ ਲਾ (ਸੀਟੀ ਮਾਰ) ਭਾਂਬੜ ਬਾਲ਼ ਛੱਡਿਐ। ਨਾਲੇ ਪੰਗਾ ਇਕ ਥੋੜਾ; ਜੇ ਫੂਕਣੀਆਂ ’ਚ ਹਵਾ ਫੂਕ-ਫੂਕ ਅੱਗ ਦਾ ਕਾਲਜਾ ਧਾਫੜੀ ਵੀ ਰੱਖੀਏ, ਤਾਂ ਵੀ ਕੌਲੀ ਵਾਪਸ ਘੱਲਦਿਆਂ ਤਾਈਂ ਕਾਲ ਦਾ ਪਹਿਰਾ ਬਦਲ ਜਾਣੈ। ਓਤੋਂ ਜੇ ਸ਼੍ਰੋਡਿੰਗਰ ਓਵਨ ਬੰਦ ਕਰਕੇ ਭੁੱਲ ਗਿਆ ਫੇਰ? (ਸ਼੍ਰੋਡਿੰਗਰ ਕੇ ਬਾਰੇ ਮੇਂ ਅਧਿਕ ਜਾਣਕਾਰੀ ਕੇ ਲੀਏ ਪੋਥੀ ਪੜ੍ਹੇਂ – ਸਤਿਜੁਗੀ Marketing Strategy-੧)। ਦੇਖ ਲਓ, ਗੱਲ ਕਿੱਥੇ ਦੀ ਕਿੱਥੇ ਜਾ ਜੁੜੀ? ਕਿੱਥੇ ਬੁੱਲੇ ਦਾ ਚੁੱਲ੍ਹਾ ਤੇ ਕਿੱਥੇ ਸ਼੍ਰੋਡਿੰਗਰ ਦਾ ਓਵਨ? ਤੀਲੀ ਤੋਂ ਬਣ ਗਿਆਂ ਲੌਂਗ, ਲੌਂਗ ਤੋਂ ਕੋਕਾ ਬਣ ਗਿਆ ਨੀਂ।
ਪਰ ਬਿੱਲੂ ਆਪ ਵੀ ਤਾਂ ਐਦਾਂ ਈ ਕਰਦੈ। ਹੋਰ ਮਦਾਰੀ ਤਾਂ ਥੈਲੇ ’ਚ ਰੁਮਾਲ ਪਾ ਕੇ ਕਬੂਤਰ ਕੱਢ ਵਿਖਾਂਵਦੇ ਨੇ; ਪਰ ਏਹਦਾ ਤਮਾਸ਼ਾ ਥੋੜ੍ਹਾ ਅੱਡਰੈ। ਇਹ ਆਪ ਈ ਥੈਲੇ ’ਚ ਵੜ ਜਾਂਦੈ। ਟੋਰਾਂਟੋਂ ਵੜਿਆ ਸਿੱਧਾ ਬਸੌਲੀ ਆ ਨਿੱਕਲਦੈ। ਕਦੇ-ਕਦੇ ਲੱਗਦੈ ਏਹਨੂੰ ਰਾਵਣ ਆਲਾ ਝੱਲ ਚੜਿਐ। ਐਵੇਂ ਕਾਲ ਨੂੰ ਪਾਵੇ ਨਾਲ ਬੰਨਣ ਡਿਹੈ। ਪਰ ਵਿਚਾਾਾਾਾਰਧੀੀੀੀਨ... ਵਿਚਾਾਵਿਵਿਚਾਾਾਾਾਰਚਾਾਾਵਿਚਾਾਾਾਾਰਰਾਰ ...!!! ਮਸਲਾ ਯੇ ਹੈ ਕਿ ਵਿਚਾਰੇ ਨੂੰ ਟੋਰਾਂਟੋ ’ਚ ਪਾਵਾ ਕਿੱਥੋਂ ਲੱਭੇ? (ਇਹਤੋਂ ਤਾਂ ਸੋਫਾ ਨ੍ਹੀਂ ਸੰਭਾਲਿਆ ਜਾਂਦਾ)। ਸੋ, ਇਹਨੇ ਰਾਵਣ ਤੋਂ ਅਡਵਾਂਸ ਤਰੀਕਾ ਲੱਭਿਐ (ਦੇਕ੍ਰਾਤੀਆਂ ਦੇ ਮੁੰਡੇ ਗੋਲਡੀ ਦੀ ਪੌਣ ਜੋ ਆਉਂਦੀ ਏ) ਤੇ ਕਾਲ ਨੂੰ ਝਾੜੂ ਬਣਾ ਲਿਐ। ਹੈਰੀ ਪਾਰਟਰ ਵਾਂਗ ਇਹ ਓਸੇ ਝਾੜੂ ’ਤੇ ਚੜ ਕੇ ਪਿੰਡ ਆ ਵੜਦਾ। (ਕਹਿੰਦੇ ਪੰਜਾਬੀਆਂ ਨੂੰ ਝਾੜੂ ਦੇ ਮੁਰੀਦ ਬਣਾਉਣ ’ਚ ਇਹਦਾ ਵੀ ਹੱਥ ਏ)। ਉਂਝ ਲੱਭਦਾ ਇੱਥੇ ਵੀ ਇਹਨੂੰ ਕੱਖ ਨ੍ਹੀਂ। ਬੱਸ ਖੇਖਣ ਜਿਹੇ ਕਰਦਿਆਂ ਕਿਸੇ ਟਾਹਣੀ ਦੀ ਕਾਨੀ ਘੜ ਕੇ ਲੈ ਜਾਂਦੈ ਤੇ ਉਹਨੂੰ ਕੰਪਿਊਟਰ ਸਕਰੀਨ ਨਾਲ ਰਗੜ ਕੇ ਅੱਖਰਾਂ ਦੇ ਲਾਹੂ ਲਾਹੁਣ ਲੱਗਦੈ। ਕੱਜਣ ਬਾਹਰੀ ਹੋਏ ਨੰਗ-ਧੜੰਗੇ ਸ਼ਬਦ ਪੜ੍ਹਦਿਆਂ ਕੋਈ ਕਮਲਾ ਪਾਠਕ ਇਹਦੇ ਝਾੜੂ ’ਦੀ ਸਵਾਰੀ ਕਰਨ ਦਾ ਭਰਮ ਪਾਲ ਬਹਿੰਦੈ। (ਜਮੂਰੇ ਨੂੰ ਵੀ ਭਰਮ ਹੋ ਗਿਆ ਸੀ ਬਈ ਉਹਨੇ ਵੀ ਕਾਲ ਪਾਵੇ ਨਾਲ ਬੰਨਿਆ। ਇਹ ਗੱਲ ਵੱਖਰੀ ਏ ਕਿ ਪਾਵਾ ਦੀਂਹਦਾ ਉਹਨੂੰ ਵੀ ਕਿਤੇ ਨਹੀਂ।)
ਸੋ, ਬਿੱਲੂ ਦੇ ਪਿੱਛੇ ਲੱਗਣਾ, ਹੈ ਤਾਂ ਆਪਣਾ ਬਾਂਦਰ ਲੰਡਾ ਕਰਵਾਉਣ ਵਾਲੀ ਗੱਲ। ਪਰ ਉਸਤਾਦ ਨੇ ‘ਸਵਾਹਾ’ ਵਿਚ ਜਦੋਂ ਦਾ ਬਾਂਦਰ ਨੂੰ ਦੇਵਾਨੰਦ ਦੱਸਿਐ, ਜਮੂਰੇ ਨੂੰ ਲੰਡੇ ਬਾਂਦਰ ਵੀ ਜਚਣ ਲੱਗੇ ਨੇ। (ਵੈਸੇ, ਤੁਸੀਂ ਇਹਦੇ ਪਿੱਛੇ ਬਿਲਕੁਲ ਨਹੀਂ ਲੱਗਣਾ; ਨਹੀਂ ਤਾਂ ਇਹ ਸਿੱਧ ਕਰ ਦੇਵੇਗਾ ਕਿ ਤੁਸੀਂ ਮੱਛੀ ਹੋ) । ਇਹ ਪੋਥੀ ਪੜ੍ਹਦਿਆਂ ਤੁਸੀਂ ਆਪਣੇ ਅੰਦਰ ਬੈਠੇ ਦੇਕ੍ਰਾਤੀਆਂ ਦੇ ਮੁੰਡੇ ਨੂੰ ਵੀ ਕੋਈ ਠੁੰਮਣਾ ਜ਼ਰੂਰ ਦੇ ਦੇਵਣਾ। ਉਹਨੂੰ ਕਹਿਣਾ ਭਾਈ ਬਾਹਲ਼ਾ ਰਿਹਾੜ ਚੰਗਾ ਨ੍ਹੀਂ ਹੁੰਦਾ। ਤੂੰ ਖੇਡੀ ਜਾ ਆਪਣੀਆਂ ਖੇਡਾਂ। ਮੈਨੂੰ ਥੋੜ੍ਹੀ ਚਿੱਤ ਦੀ ਕਰ ਲੈਣ ਦੇ। ਉਂਝ ਮੈਨੂੰ ਪਤੈ, ਮੰਨਣਾ ਇਹਨੇ ਕੋਨੀ। ਜਦੋਂ ਵੀ ਤੁਸਾਡੀਆਂ ਲੱਤਾਂ, ਬਾਹਵਾਂ, ਸਿਰ ਵਗੈਰਾ ਰੌਲ਼ੀ ਪਾਉਣ ਲੱਗਣ, ਇਨ੍ਹਾਂ ਨੂੰ ਬੋਲਣ ਦੇਣਾ; ਨਹੀਂ ਤਾਂ x/y ਨੇ ਜਾਹ ਜਾਂਦੀ ਕਰ ਦੇਣੀ ਏ। (ਏਸ ਬਲਾ ਬਾਰੇ ਜਾਨਣ ਲਈ ਤੁਹਾਨੂੰ ਪੋਥੀ ਨਾਲ ਮੱਥਾ ਮਾਰਨਾ ਪੈਣੈ – ਤ੍ਰੇਤਾ Marketing Strategy –੩)। ਏਹਨੇ ਕਹਿਣਾ ਕਿ ਚਿਤਵਨ ਨੂੰ ਪਾਸੇ ਰੱਖ ਡਮਾਗ ਨਾਲ ਪੜ੍ਹੋ। ਜੇ ਇਕ ਵਾਰ ਏਹ ਤਿੰਗੜ ਗਿਆ ਤਾਂ ਇਹਨੂੰ ਵੀ ਦੇਕ੍ਰਾਤੀਆਂ ਦੇ ਮੁੰਡੇ ਦੀ ਕਸਰ ਹੋ ਜਾਣੀ ਏ। ਤੇ ਇਹਨੇ ਤੁਹਾਨੂੰ ਸਲਾਹ ਦੇਣੀ ਆ ਬਈ ਆਪਣੀ ਦੇਹ (ਹੱਥ+ਬਾਂਵ੍ਹਾਂ+ਪੈਰ+ਪਿੱਠ+ਵਗੈਰਾ-ਵਗੈਰਾ=ਦੇਹ) ਨੂੰ ਨੂੜ ਕੇ ਰੱਖੋ। ਜੇ ਫੇਰ ਵੀ ਬੋਲਣੋ ਨਾ ਹਟਕਣ ਤਾਂ ਧਰ ਦਿਓ ਮੌਰ੍ਹਾ ’ਚ ਇਕ-ਅੱਧੀ - ਕਰ ਦੂੰ ਗਜ ਵਰਗੀ, ਜੇ ਫੇਰ ਬਰੋਬਰ ਬੋਲੀ।
ਹਾਂ ਸੱਚ, ਉਸਤਾਦ ਖਾਸਾ ਕਿੱਲ ਕੇ ਲਿਖਦੈ। ਇਹਤੋਂ ਵੱਧ ਤੁਹਾਨੂੰ ਕਿੱਲ੍ਹਨਾ ਪੈਣੈ। ਅੱਵਲ ਤਾਂ ਇਹਦੀ ਬੇ-ਸਿਰ-ਪੈਰ ਦੀ ਮਗਜਾਲੀ ਨੇ ਧੂਹ ਕੱਢ ਦੇਣੈ; ਰਹਿੰਦੀ-ਖੂੰਹਦੀ ਕਸਰ ਦੇਕ੍ਰਾਤ, ਬਤਾਈ, ਬੋਦ੍ਰੀਲਾ ਵਗੈਰਾ-ਵਗੈਰਾ ਨੇ ਪੂਰੀ ਕਰ ਦੇਣੀ ਆ। ਜਿਨ੍ਹਾਂ ਦੇ ਨਾਂ ਈ ਐਨੇ ਭੈੜੇ ਨੇ, ਆਪ ਪਤਾ ਨ੍ਹੀਂ ਕਿਹੋ ਜਿਹੇ ਹੋਣੇ। ਉਂਝ ਉਸਤਾਦ ਬੰਦਾ ਮਾੜਾ ਨ੍ਹੀਂ; ਪੰਡਤਾਂ ਦਾ ਮੁੰਡੈ। ਬੱਸ ਇਕੋ ਗੱਲ ’ਚ ਮਾਰ ਖਾ ਗਿਆ। ਜਿੱਦਣ ਦਾ ਰੋਹੜੂ ਟੱਪਿਐ, ਇਹਦੀ ਮੱਤ ਜਿਹੀ ਮਾਰੀ ਗਈ। (ਇਹਨੇ ਤੁਹਾਨੂੰ ਇਹ ਠੁੰਮਣਾ ਵੀ ਲਾਈ ਰੱਖਣਾ ਬਈ ਰੋਹੜੂ ਬਾਰੇ ਅਧਿਕ ਜਾਨਕਾਰੀ ਕੇ ਲੀਏ ਪੋਥੀ ਪੜੇਂ – ਦੁਆਪਰ Marketing Strategy–੨)।
ਦਰਅਸਲ ਆਵਾਜ਼ਾਰੀ ਨੇ ਇਹਦੇ ਚੇਤੇ ਖ਼ਲਤ-ਮਲਤ ਕਰ ਛੱਡੇ ਨੇ। ਏਸ ਮਿਲਗੋਭੇ ਕਰਕੇ ਹੀ ਇਹ ਟਾਇਮ/ਸਪੇਸ ਨੂੰ ਇਕ-ਦੂਜੇ ’ਚ ਰਲਗੱਡ ਕਰ ਬੈਵੰਦਾ ਏ। ਆਪਣੇ ਪਿੰਡ ਆਲੇ ਕੁਮਾਰ ਦੀ ਪੈਲ਼ੀ ’ਚ ਰਹਿੰਦੀ ਡੈਣ ਨੂੰ ਟੋਰਾਂਟੋਂ ’ਚ ਵੀ ਨਾਲ ਚੱਕੀ ਫਿਰਦੈ। (ਜਿਸ ਬੰਦੇ ਕੋਲ਼ ਆਪਣੇ ਰਹਿਣ ਲਈ ਥਾਂ ਨਾ ਹੋਵੇ, ਉਹਨੂੰ ਭਲਾਂ ਸੋਭਾ ਦਿੰਦੈ ਕਿਰਾਏਦਾਰ ਪਾਲਣਾ?) ਪਰ ਇਹ ਸਕੀਮੀ ਏ ਪੂਰਾ। ਜਦੋਂ ਦੇ ਟੋਰਾਂਟੋਂ ’ਚ ਕਿਰਾਏ ਵਧੇ ਨੇ, ਇਹ ਜੁਗਤ ਲਾ ਕੇ ਕਿਸੇ ਬਿੱਲੇ ਅੰਦਰ ਵੜ ਕੇ ਸੌਂ ਜਾਂਦੈ। ਕੁਝ ਵੀ ਹੋ ਜਾਵੇ, ਤੁਸਾਂ ਆਪਣਾ ਡਮਾਗ ਬਚਾ ਕੇ ਰੱਖਣਾ; ਇਹਨੂੰ ਹਰਗਿਜ਼ ਵੀ ਉੱਥੇ ਵੜਨ ਨ੍ਹੀਂ ਦੇਣਾ। ਇਹਨੇ ਡੈਣ ਸਮੇਤ ਪਤਾ ਨ੍ਹੀਂ ਕਿਹੜੇ ਕੁੱਤੇ-ਬਿੱਲੇ ਚੁੱਕ ਲਿਆਉਣੇ ਨੇ ਤੇ ਤੁਹਾਡੇ ਅੰਦਰ ਛੰਨ ਪਾ ਲੈਣੀ ਏ। (ਸ਼ਸ਼ਸ਼ਸ਼… ਪਤਾ ਏ ਨਾ, ਇਹਦੇ ਕੋਲ ਘਰ ਕੋਨੀ)।
ਉਂਝ, ਭਾਵੇਂ ਮੈਂ ਇਹਦਾ ਵਕਾਲਤਨਾਮਾ ਲਿਖਣ ਬੈਠਿਆਂ; ਪਰ ਸੱਚ ਦੱਸਾਂ, ਫਿਕਰ ਮੈਨੂੰ ਤੁਹਾਡੀ ਈ ਏ। ਇਹ ਖ਼ਤਰਨਾਕ ਕਿਸਮ ਦਾ ਬੰਦਾ ਕਿਤਾਬ ਦੇ ਵਰਕਿਆਂ ’ਚੋਂ ਨਿੱਕਲ ਕੇ ਤੁਹਾਡੇ ਅੰਦਰ ਵੜ ਗਿਆ ਤਾਂ ਤੁਹਾਡੀ ਜਾਹ ਜਾਂਦੀ ਹੋ ਜਾਣੀ ਏ। ਇਹਨੇ ਮਿਆਦੀ ਬੁਖ਼ਾਰ ਵਾਂਗ ਤੁਹਾਡੇ ਸਿਰੋਂ ਨ੍ਹੀਂ ਲੱਥਣਾ। ਇਹਦਾ ਕੀ ਏ? ਇਹਨੂੰ ਤਾਂ ਬੱਸ ਸਿਰ ਲੁਕਾਉਣ ਨੂੰ ਛੱਤ ਚਾਹੀਦੀ ਏ। ਤੇ ਤੁਸੀਂ ਫੇਰ ਤਾਪ ਨਾਲ ਊਂਘੀ ਜਾਇਆ ਕਰਨਾ। ਇਹਨੇ ਮੇਰੇ ਨਾਲ ਵੀ ਅੰਝ ਈ ਕੀਤੀ (ਵੇਖ ਲਓ, ਮੈਂ ਇਹਦੀ ਬੋਲੀ ਬੋਲਣ ਲੱਗਾਂ)। ਭਲਿਆ ਲੋਕਾ, ਸਿਰ ਚੜਿਆ ਤਾਂ ਠੀਕ ਸੀ; ਪਰ ਤੂੰ ਤਾਂ ਮੇਰੀ ਢਿੱਲ-ਮੱਠ ਵਾਲੀ ਖ਼ਬਰ ਵੀ ਨਸ਼ਰ ਕਰ ਦਿਤੀ। ਇਹ ਪੜ੍ਹ ਕੇ ਤਾਂ ਮੈਨੂੰ ਸੱਚੀਂ ਵਟ ਚੜ੍ਹ ਗਿਆ। ਮੈਂ ਸੋਚਿਆ ਹੋਰ ਇਹਦੇ ~~ਕੀ~~ ਵੱਟੇ ਮਾਰਾਂ; ਥੋੜ੍ਹੀ ਚੁਗਲੀ ਕਰ ਦਿੰਦਾ ਵਾ ਤੁਸਾਡੇ ਨਾਲ। ਤੁਸਾਂ ਮੇਰੇ ਵਾਲੀ ਗ਼ਲਤੀ ਹਰਗਿਜ਼ ਨਹੀਂ ਕਰਨੀ। ਜੇ ਇਹਦੀ ਸੁਪਨ-ਰੰਗੀ ਟੇਪ ਤੁਹਾਡੇ ਚੇਤੇ ਨਾਲ ਚਿਪਕ ਗਈ ਤਾਂ ਨਹੂੰਆਂ ਨਾਲ ਖੁਰਚ-ਖੁਰਚ ਕੇ ਲਾਹੁਣੀ ਪੈਣੀ ਏ।
ਵੈਸੇ, ਹੈ ਇਹ ਸਭ ਰੌਲਾ-ਰੱਪਾ ਈ। ਪੱਲੇ-ਪੁੱਲੇ ਕੱਖ ਨੀ ਪੈਣਾ। ਬੱਸ, ਪੜ੍ਹਦਿਆਂ ਪਤਾ ਨ੍ਹੀਂ ਕਦੋਂ ਸੁਰਤੀ ਰੋਹੜੂ ਨਾਲ ਜੁੜਦੀ ਸੁਰੰਗ ‘ਚ ਜਾ ਉਤਰਨੀ ਏ। ਉਤਰੋਂਗੇ ਤਾਂ ਕਿਸੇ ਦੀ ਗੁਆਚੀ Leanne ਭਾਲਣ (Leanne ਬਾਰੇ ਜਾਨਣੇ ਕੇ ਲੀਏ ਫਿਰ ਵਹੀ ਨੁਸਖ਼ਾ - ਪੋਥੀ ਪੜੇਂ - ਕਲਜੁਗ Marketing Strategy-੪-੧-੩-੨)। ਮੁੜਦਿਆਂ ਆਪਣੀ ਗੁਆ ਆਏ ਤਾਂ ਤੁਹਾਡੇ ਲੇਖ - ਵਾਹ ਬਈ ਕਿਸਮਤ ਦੇ ਬਲੀਆ, ਰਿੱਧੀ ਖੀਰ ਤੇ ਬਣ ਗਿਆ ਦਲੀਆ। ਮੇਰੀ ਗੱਲ ਹੋਰ ਏ। ਮੈਂ ਤਾਂ ਵਾਅਦਾ ਕੀਤਾ ਏ ਬਈ ਖਾ-ਪੀ ਕੇ ਕੌਲੀ ਸੁੱਚੀ ਕਰ ਨਾਲੇ ਕੋਈ ਰਸਦ ਪਾ ਵਾਪਸ ਘੱਲਾਂਗਾ। ਸੋ ਭੁਗਤ ਰਿਹਾਂ। ਬਾਬਾ ਖੁਸਰੋ ਕਹਿੰਦੈ ਯਾਰੀ ਤਾਂ ਹੋਂਦੀ ਈ ਕੱਬੀ ਆ। ਤਰਨ ਗਿਆ ਡੁੱਬ ਜਾਂਦਾ, ਡੁੱਬਣ ਗਿਆ ਤਰ ਜਾਂਦਾ। ਤਰਿਆ ਕਿ ਡੁੱਬਿਆ; ਪਤਾ ਨ੍ਹੀ ਲੱਗਦਾ। ਸ਼੍ਰੋਡਿੰਗਰ ਬਾਰੀ ਖੋਲੇ ਤਾਂ ਪਤਾ ਲੱਗੇ; ਉਹ ਤਾਂ ਤਾੜ ਕੇ ਆਪੇ ਸੌ ਗਿਆ ਸ਼ਾਇਦ।
ਬਿੱਲੂ ਆਪਣੀ ਲਾਗ ਦੀ ਬੀਮਾਰੀ ਦਾ ਭੋਰਾ-ਭੋਰਾ ਵੰਡ ਗਿਐ। ਕੀ ਕਰੀਏ, ਪਿੰਡਾ ਤਾਂ ਹੁਣ ਖੁਰਕਣਾ ਈ ਪੈਣੈ। ਖੁਰਕਣਾ ਜਦੋਂ ਵੱਸੋਂ ਬਾਹਰ ਹੋ ਜਾਵੇ ਤਾਂ ਲਾਗ ਅੱਗੇ ਕਿਸੇ ਨੂੰ ਘਤ ਦੇਣੀ ਈ ਠੀਕ ਏ। ਬਾਕੀ ਗਧੀਗੇੜ ਤਾਂ ਕਦੇ ਮੁੱਕਣੇ ਨੀ। ਮੇਰੀ ਮੰਨੋਂ ਤਾਂ ਸੰਝ ਵੇਲੇ ਥੋੜ੍ਹਾ-ਬਹੁਤਾ ਖੁਰਕ ਲਿਆ ਕਰੋ। ਪਹਿਲਾਂ ਆਪ ਖੁਰਕੋ, ਫੇਰ ਦੂਜਿਆਂ ਨੂੰ ਲਾਗ ਲਾਓ; ਜਿਨ੍ਹਾਂ ਨੂੰ ਲਾਗ ਲਾਓਗੇ, ਉਹ ਤਾਂ ਨਹੁੰ ਉਡੀਕਣਗੇ; ਸੋ, ਤਿੱਖੇ ਵੀ ਕਰੀ ਰੱਖੋ। ਆਪਣਾ ਪਿੰਡਾਂ ਤਾਂ ਖੁਰਕਣਾ ਈ ਹੋਇਆ, ਗਾਹੇ-ਬਗਾਹੇ ਦੂਜੇ ਦੇ ਵੀ ਨਹੁੰਦਰਾਂ ਕੱਢ ਮਾਰੀਆਂ – ਏਕ ਪੰਥ ਦੋਇ ਕਾਜ।
ਤੁਸੀਂ ਸਮਝਦੇ ਕਿਓਂ ਨਹੀਂ? ਸਿਆਣੇ ਬਣੋ ਤੇ ਇਸ਼ਾਰਿਆਂ ’ਚ ਕਹੀ ਗੱਲ ਨੂੰ ਡਮਾਗ ਅੰਦਰ ਪਾ ਕੇ ਕੰਨੀ ਖਿਸਕਾ ਲਵੋ। ਵੈਸੇ ਮੈਨੂੰ ਪਤੈ, ਤੁਸੀਂ ਸੁਣਨੀ ਤਾਂ ਮੇਰੀ ਇਕ ਨ੍ਹੀਂ। ਨਹੀਂ ਸੁਣਨੀ ਤਾਂ ਪਵੋ ਢੱਠੇ ਖੂਹ ’ਚ। ਉਂਝ, ਖੂ੍ਹ ਅੰਦਰ ਜੇ ਸਮੇਂ ਦਾ ਜੋੜ ਖੁੱਲ੍ਹ ਗਿਆ ਤਾਂ ਮੈਨੂੰ ਨਾ ਕਹਿਣਾ। ਮੈਂ ਤਾਂ ਕਿੰਨੀ ਵਾਰ ਕਹਿ ਚੁੱਕਿਆਂ ਸਵਾਰੀ ਆਪਣੀ ਜਾਨ ਦੀ ਆਪ ਜ਼ਿੰਮੇਵਾਰ ਏ। ਫੇਰ ਵੀ ਨਹੀਂ ਮੰਨਣੀ ਤਾਂ ਖਾਓ ਖਸਮਾਂ ਨੂੰ। ਬੱਸ, ਝਾੜੂ ’ਤੇ ਚੜਨ ਲੱਗਿਆਂ ਸੀਟ ਬੈਲਟ ਖੋਲ੍ਹ ਕੇ ਬਹਿਣਾ। ਖੂਹ ’ਚ ਗੰਡੋਏ ਬਣ ਗਏ ਤਾਂ ਗੰਢ ਤੁਹਾਥੋਂ ਖੁੱਲਣੀ ਕੋਨੀ।>
-ਸਹੀ
ਯਾਦਵਿੰਦਰ ਸਿੰਘ
ਕੱਤੇ ਦੀ ਕੋਈ ਸੰਝ