22. ਕਾਲ਼ੀ ਬੱਦਲੀ | The Cloud
ਸਿਆਲ਼ਾ ਜ਼ੋਰਾਂ ‘ਤੇ ਚੜ੍ਹ ਆਇਆ ਏ। ਇਸ ਸਾਲ਼ ਮੈਂ ਆਪ ਏਹ-ਨੂੰ ਹੇਠਾਂ ਉਤਰਦਿਆਂ ਵੇਖਿਆ। ਪਹਿਲੋਂ-ਪਹਿਲ ਇਹ ਬੱਦਲਾਂ ਦੇ ਉੱਪਰ ਕਿਸੇ ਸਾਏ ਵਾਂਙ ਦਿਿਸਆ। ਲੋਕ ਤੇ ਥਾਵ੍ਹਾਂ ਓਹੀ, ਪਰ ਕਿਸੇ ਸਾਏ ਹੇਠਾਂ। ਓਨ੍ਹੇਂ ਹੌਲ਼ੀ-ਹੌਲ਼ੀ ਸਾਰੇ ਬੱਦਲ ਆਪਣੇ ਮੂੰਹ ਚ ਪਾ ਲਏ, ਤੇ ਸਭ ਕਾਸੇ ਦਾ ਰੰਗ ਰਤਾ ਗੂੜ੍ਹਾ ਹੋ ਗਿਆ। ਹੁਣ ਅਸੀਂ ਸਾਏ ਚ ਹੀ ਰਹਿੰਦੇ ਵਾਂ।ਇਹ ਠੰਢਾ ਹੋਂਦਾ ਏ। ਬੰਦਾ ਮਰ ਵੀ ਸਕਦਾ ਏ। ਇਹ ਇਤਨਾ ਠੰਢਾ ਹੋਵੰਦਾ ਏ ਕਿ ਇਸ ਅੰਦਰ ਝੁੱਲਦੀਆਂ ਹਵਾਵਾਂ ਹਰ ਰੁਕੀ ਸ਼ੈਅ ਅੰਦਰ ਬਰਫ਼ ਭਰ ਦੇਂਦੀਆਂ ਨ। ਇਹ ਯੱਖ-ਦੈਂਤ ਸਾਰੀ ਰਾਤ ਰਜਾਈ ਦਾ ਕੋਈ ਖੁੱਲ੍ਹਾ ਲੜ੍ਹ ਲੱਭਦਾ ਰਹਿੰਦਾ ਏ, ਕਿ ਕੋਈ ਗਰਮ ਚੀਜ਼ ਹੱਥ ਲੱਗ ਜਾਵੇ। ਰਜਾਈ ਤੋਂ ਬਾਹਰ ਰਹਿ ਗਿਆ ਪੈਰ ਦਾ ਅੰਗੂਠਾ ਲੱਭ ਲੈਵੇ ਤਾਂ ਮੂੰਹ ਚ ਪਾ ਲੈਵੰਦਾ ਏ। ਸਾਰੀ ਰਾਤ ਚੁੰਘਦਾ ਵੈ ਰਹਿੰਦਾ ਤੇ ਸਵੇਰ ਨੂੰ ਨੀੱਲਾ ਕਰ ਮੋੜਦਾ ਏ।
ਓਸ ਦਿਨ ਜਦੋਂ ਇਹ ਮੇਰੀ ਗਰਮੀ ਚੁੰਘਦਾ ਸਾ, ਮੈਂ ਬਿਸਤਰੇ ਚ ਮੂੰਹ ਵਲੇਟੀ ਪਿਆ Leanne ਦੇ text message ਬਾਰੇ ਸੋਚਦਾ ਸਾਂ, ਜਿੜ੍ਹਾ ਓਹਨੇ ਮੈਂ-ਨੂੰ ਰਾਤੀਂ ਭੇਜਿਆ ਸਾ।
I cooked twenty-one turkeys for 235 empty tummies.
ਮੇਰਾ ਫ਼ੋਨ ਪਾਲ਼ੇ ਹੱਥ ਲੱਗ ਗਿਆ, ਤੇ ਓਨ੍ਹੇਂ ਮੇਰੇ ਸੁੱਤਿਆਂ ਮੇਰੇ ਤੇ Leanne ਦੇ messages ਪੜ੍ਹ ਲਏ। ਮੈਂ-ਨੂੰ ਓਦੋਂ ਪਤਾ ਲੱਗਿਆ ਜਦੋਂ ਏਹ-ਨੇ ਗੱਲ-ਬਾਤ ਕਰਨ ਲਈ ਮੈਂਨੂੰ ਉਠਾ ਲਿਆ। ਮਖਾਂ ਕੀ ਹੋ ਗਿਆ? ਹਾਂ, ਓਨ੍ਹੇਂ ‘ਕੱਲੀ ਨੇ 21 ਤੀਤਰ ਭੁੰਨ ਮਾਰੇ ਸਾਡੇ ‘ਅਰਗਿਆਂ ਲਈ। ਕੋਈ ਮੇਰਾ ਕਰਦਾ ਏ, ਤਾਂ ਤੂੰ ਕਿਓਂ ਸੜਦਾ ਏਂ?
ਕਹਿਣ ਲੱਗਾ, “ਭੁੱਖ ਲੱਗੀ ਏ?
ਮਖਾਂ ਆਹੋ, ਲੱਗੀ ਏ।
ਅਖੇ- “ਭੁੱਜੇ ਤਿੱਤਰ ਓਨ੍ਹਾਂ ਲਈ ਹੋਂਦੇ ਨੇ ਜਿਨ੍ਹਾਂ ਨੂੰ ਖਾਵਣੇ ਦਾ ਚੱਜ ਹੋਂਦਾ ਵੈ। ਤੂੰ ਨਿੱਤ ਭੁੱਖਾ-ਭਾਣਾ ਜੁੱਤੀ ਘਸਾਈ ਕਰਦਾ ਓਹ-ਥੇ ਜਾਵੰਦਾ ਏਂ ਤੇ ਪਹਿਲਾਂ ਨਾਲ਼ੋਂ ਵੀ ਮਤਾ ਭੁੱਖਾ ਹੋ ਘਰ ਮੁੜਦਾ ਏਂ। ਖਾਣੇ ਦਾ ਚੱਜ ਹੋਂਦਾ ਤਾਂ ਹੋਰਾਂ ਵਾਂਙ ਖਾ ਲੈਂਦੋ? ਸਾਲ਼ਾ empty tummies ਦਾ।”
ਏਹ ਪਾਲ਼ਾ ਮੇਰੇ ਹੀ ਘਰ ਚ ਵੜ ਕੇ, ਮੈਨੂੰ ਹੀ ਲਾਹਨਤਾਂ ਪਾ ਰਿਹਾ ਸਾ (ਪਾਲ਼ੇ ਦਿਲ ਦੇ ਮਾੜੇ ਨਹੀਂ ਹੋਂਦੇ ਪਰ ਹਰ ਗੱਲ ਬਹੁਤੀ ਹੀ frankly ਕਰ ਦੇਵੰਦੇ ਨ)। ਮੈਂ ਤਾਂ Leanne ਦੀ ਨੌਕਰੀ ਹੁਨਾਲ਼ੇ ਸੁਰੂ ਕੀਤੀ ਸੀ, ਏਹ-ਨੂੰ ਮੇਰੀਆਂ ਕਰਤੂਤਾਂ ਬਾਰੇ ਏਨਾਂ ਜਿ਼ਆਦਾ ਕਿੰਝ-ਕਰ ਪਤਾ?
ਓਸ ਰਾਤ ਮੈਨੂੰ ਸਮਝ ਲੱਗੀ ਕਿ ਪਾਲ਼ਾ ਹੁਨਾਲ਼ੇ ਚ ਹੀ ਲੁਕਿਆ ਹੋਂਦਾ ਏ, ਸਾਨੂੰ ਪਤਾ ਹੀ ਨਹੀਂ ਲਗਦਾ।
ਸਾਨੂੰ ਪਤਾ ਹੀ ਨਹੀਂ ਲਗਦਾ। ਇਹ ਸਾਰਾ ਸਾਲ ਏਥੇ ਹੀ ਰਹਿੰਦਾ ਏ ਸਾਨੂੰ read ਕਰਦਾ, ਅਸੀਂ ਐਵੇਂ ਗਰਮੀ ਗਰਮੀ ਰੋਵੰਦੇ ਰਹਿੰਦੇ ਵਾਂ। ਮਖਾਂ ਖਲੋ ਜਾ ਵੱਡੇ ਜਾਣੀ-ਜਾਣਾ! ਜੇ ਤੇਰੀ ਖੁੰਭ ਆਪਣੀ ਰਜਾਈ ਚ ਲੈ ਕੇ ਨਾ ਠੱਪੀ ਤਾਂ। ਪਾਲ਼ਾ ਮੇਰਾ ‘ਗੂਠਾ ਝੁੰਘਣਾ ਛੱਡ ਕੇ ਮੇਰੇ ਮੂੰਹ ਵੱਲ ਬਿਟਰ-ਬਿਟਰ ਤੱਕਣ ਲੱਗਿਆ। ਏਨੇਂ ਨੂੰ ਮੈਂ ਰਜਾਈ ਲੱਤ ਨਾਲ਼ ਉਲਾਰ ਕੇ ਓਹਨੂੰ ਆਪਣੇ ਮੰਜੇ ‘ਤੇ ਸੁੱਟ ਲਿਆ। ਫਿਰ ਮੈਂ ਰਜਾਈ ਚਾਰੇ ਪਾੱਸਿਓਂ ਤੁੰਨ ਕੇ ਕੰਜਰ-ਗੋਸ਼ਟੀ ਕਰਨ ਆਏ ਦਾ ਜੋ ਹਾਲ਼ ਕੀੱਤਾ! ਮਖਾਂ ਹੁਣ ਬੋਲ! ਬੰਦਾ-ਕੁ-ਬੰਦਾ ਤਾਂ ਵੇਖ ਲਿਆ ਕਰ ਸਾਲਿ਼ਆ। ਮੇਰੇ ਗਾਧੇ ਹੇਠਾਂ ਮੁੜ੍ਹਕੇ ਦਾ ਛੱਪੜ ਲੱਗਿਆ ਵੈ। ਅੱਗ ਲੱਗੀ ਏ ਇਤ-ਥਾਂ, ਪਿੰਡਾ ਬਹੁੰ ਭਖਦਾ ਏ ਮੇਰਾ। ਭੈਂ’ਚੋ ਵਾਸ਼ਪੀਕਰਨ ਹੋ ਜਾਣਾ ਤੇਰਾ ਮੇਰੇ ਹੱਥੋਂ। ਸੁਕਰਾਤੀ ਗੱਲਾਂ ਚ ਹੋਵੰਦੀ ਏ, ਇਤ-ਥਾਂ ਦਿਲ ਘੱਸੇ ਮਾਰਦਾ ਵੈ। ਗੂਠਾ ਚੂਸ ਲਿਆ ਏ, ਇਹ ਲੈ ਹੁਣ ਮੇਰੀ ਲੱਤ ਘੁੱਟ। ਕੁੜੀਓਵੀ ਅਜਕੱਲ ਮੇਰੇ ਕਹਿਣਿਓਂ ਬਾਹਰ ਏ।
ਮੈਨੂੰ ਰਜਾਈ ਅੰਦਰ ਨੱਚਦਿਆਂ ਵੇਖ ਮੇਰੇ ਬਿੱਲੂ ਨੇ ਵੀ ਰਜਾਈ ‘ਪਰ ਛਾਲ਼ ਮਾਰ ਦਿੱਤੀ ਤੇ ਅਸੀਂ ਰਲ਼ ਕੇ ਪਾਲ਼ੇ ਦੇ ਚੰਗੇ ਸੇਕ ਕੱਢੇ ਤੇ ਅਖੀਰ, ਸਾਰੇ ਥੱਕ ਕੇ ਸੌਂ ਗਏ।
ਰਾਤ ਨੂੰ ਮੇਰੇ ਤੇ ਬਿੱਲੂ ਹੱਥੋਂ ਜ਼ਲੀਲ ਹੋ ਇਹ ਸਾਡੇ ਘਰੋਂ ਨਿਕਲ ਗਿਆ ਸਾ, ਪਰ ਆਪਣੇ ਘਰ ਜਾ ਕੋ ਸੋਵਣ ਦੀ ਬਜਾਏ ਇਹ ਸ਼ਹਿਰ ਦੀਆਂ ਕੰਧਾਂ ‘ਪਰ graffiti ਬਣਾਵੰਦਾ ਰਿਹਾ, ਬੇਘਰ ਲੋਕਾਂ ਨੂੰ ਗਾਲ੍ਹਾਂ ਕਢਦਾ ਰਿਹਾ, ਤੇ ਮੇਰੇ ਘਰੋਂ ਨਿਕਲਣ ਦੀ ਉਡੀਕ ਕਰਦਾ ਰਿਹਾ।
ਸਵੇਰੇ ਮੈਂ ਨੂੰ foodbank ਜਾਣ ਖਾਤਿਰ ਬੂਹਾ ਖੋਲ੍ਹਿਆ, ਤਾਂ ਸੜਕ ‘ਤੇ ਬਰਫ਼ ਦੀ ਚਿੱਟੀ ਕੰਧ ਉਡਦੀ ਸੀ, ਤੇ ਓਸ ਉੱਪਰ ਬੈਠਾ ਇਹ ਸਲਮਾਨ ਖਾਨ, ਮੇਰੇ ਹਰੇ ਦੁਪੱਟੇ ‘ਤੇ ਬਣਾਇਆ ਕੋਈ ਵਾਹਯਾਤ ਗਾਣਾ ਗਾ ਰਿਹਾ ਸਾ।
ਮੈਂ ਧੋਣ ਹੇਠਾਂ ਸੁੱਟ ਕੇ ਓਨੂੰ ਇਨਗੋਰ ਕਰਦਾ ਆਪਣੇ ਰਾਹੇ ਪਿਆ ਰਿਹਾ। ਪਤਾ ਸਾ ਜਿਹ-ਥਾਂ ਜਾ ਰਿਹਾ ਵਾਂ ਓਹ-ਥਾਂ ਠੰਢ ਨਹੀਂ ਹੋ-ਵੰਦੀ, ਸਗੋਂ ਚੌਵੀ ਘੰਟੇ ਅੱਗ ਲੱਗੀ ਹੋਂਦੀ ਏ। ਰਾਹ ਭੀੜੇ ਹੋਂਦੇ ਨੇ ਤੇ ਲੋਕਾਂ ਨਾਲ਼ ਫ਼ਸ ਕੇ ਲੰਘਣਾ ਪੈਵੰਦਾ ਵੈ। ਮਖਾਂ ਅੱਠ ਮਿੰਟ ਦਾ ਗਾਣਾ ਏ, ਓਨੀਂ ਦੇਰ ਨੂੰ ਮੈਂ ਪੁੱਜ ਜਾਣਾ ਏ। ਰਾਤੀਂ ਮੈਂ ਕਰ ਲਈ ਸੀ, ਹੁਣ ਇਹਨੂੰ ਕਰ ਲੈਣ ਦੇਵਾਂ। ਮਖਾਂ ਦੋ ਕਰੁੰ ਤੂੰ ਰੱਖ ਲੈ ਮਾਲਕਾ, ਅੱਗੇ ਹੈ ਨ ਮੇਰੇ ਰੱਖਣ ਵਾਲ਼ੇ। ਬੰਦਾ ਜੇ ਲਾਹਿਆ ਏ ਇਤ-ਥਾਂ, ਤਾਂ ਚੰਗੀ ਥਾਂ ਪੁਜਦਾ ਵੀ ਕਰ। ਅਗਲਿਆਂ ਨੂੰ ਬਹੁੰ ਲੌੜ ਏ। ਬੰਦਿਆਂ ਨੂੰ ਬੰਦਿਆਂ ਦੀ ਲੋੜ ਹੋਂਦੀ ਏ। ਲੱਤਾਂ-ਬਾਹਵਾਂ, x|y ਆਪਣੀ ਥਾਓਂ। ਬਹੁਤੀ ਵਾਰ ਏਨ੍ਹਾਂ ਦੀ ਮਰਜ਼ੀ ਦੇ ਉਲਟ ਵੀ ਕੁਝ ਸਖ਼ਤ ਫ਼ੈਸਲੇ ਲੈਣੇ ਪੈਂਦੇ ਨ (ਪੈਣ- ਦੇ। ਪੈ(ਨ)-ਵੰਦੇ) ‘ਨ (ਹੈ-ਨੇ। ਹ-ਨ। ਹ:ਨ)*।
ਗਾਣਾ ਮੁੱਕ ਚੱਲਿਆ ਸਾ, ਤੇ foodbank ਅਜੇ ਬਹੁੰ ਦੂਰ। ਫਿਲਮ ਚ ਇਕ ਗਾਣੇ ਤੋਂ ਬਾਅਦ ਕਦਿ ਵੀ ਦੂਜਾ ਗਾਣਾ ਨਹੀਂ ਚਲਦਾ, ਕੋਈ ਕਲੇਸ ਹੀ ਪੈਵੰਦਾ ਏ।
ਗਾਣਾ ਮੁਕਾ ਕੇ ਇਹ ਕੰਧ ‘ਤੋਂ ਹੇਠਾਂ ਉਤਰ ਆਇਆ ਤਾਂ ਮੈਂ ਘਬਰਾ ਕੇ ਸਿਗਰਟ ਕੱਢਣ ਲਈਂ ਹੱਥ ਜੇਬ੍ਹੇ ਚ ਪਾਇਆ। ਜਾਣਿਆ ਕਿ ਪਤੰਦਰ ਪਹਿਲਾਂ ਹੀ ਮੇਰੇ ਜੇਬ੍ਹੇ ਚ ਵੜ ਬੈਠਾ ਸਾ ਤੇ ਸਿਗਟਾਂ ਸਿੱਲੀਆਂ ਕਰ ਸੁੱਟੀਆਂ ਸਨ, ਤਾਂ ਜੋ ਮੈਨੂੰ ਹੌਂਸਲਾ ਨਾ ਮਿਲੇ। ਕਹਿਣ ਲੱਗਿਆ,
“ਬਾਲ਼ ਆਸ਼ਕਾ! ਕਿਹੜੀ ਤੀਲ੍ਹੀ, ਦਸਦਾ ਏਂ ਤੇਰੇ ਅੰਦਰ, ਬਲਦੀ ਬੜਾ ਆਇਆ, ਚੌਵ੍ਹੀ ਘੰਟੇ, ਜਿਹੜੀ ਰਾਤੀਂ ਬਾਲੀ ਸੀ… ਬਾਲ਼?” * ਹਮੇਸ਼ਾਂ ਠੰਡ ਚ ਰਹਿਣ ਕਾਰਨ ਪਾਲ਼ਾ ਥੱਥਾ ਹੋਂਦਾ ਏ
“ਤੀਲ੍ਹੀ? ਤੀਲ੍ਹੀ ਹੋਵੰਦੀ ਤਾਂ ਤੈਂ-ਨੂੰ ਨਾ ਲਾਵੰਦਾ ਹੁਣ ਨੂੰ ? ਕੁਝ ਹੋਰ ਹੈ ਵੇ ਮੇਰੇ ਕੋਲ਼, ਲੈਣਾ?” ਮੈਂ-ਨੂੰ ਪਤਾ ਸਾ ਪੰਜਾਬੀ ਚ ਗਾਹਲਾਂ ਕੱਢਣ ਦੇ ਮੁਕਾਬਲੇ ਚ ਇਹ ਮੈਂ-ਨੂੰ ਨਹੀਂ ਹਰਾ ਸਕਦਾ। ਐਵੇਂ ਮੇਰੇ ਨਾਲ਼ ਕਵਾੱਲੀ ਖੇਡਣ ਡਿਹਾ ਏ। ਮੈਂ ਆਪਣੇ ਪੈਰਾਂ ਨੂੰ ਆਖਿਆ ਕਿ ਤੁਸੀਂ ਸਿਰ ਸੁੱਟ ਕੇ ਤੁਰਦੇ ਰਹੋ, ਮੈਂ ਇਹਨੂੰ ਗੱਲੀਂ ਪਾ ਕੇ ਰਖਦਾ ਵਾਂ। ਗੱਲ ਚੋਂ ਗੱਲ ਤੋਰਨ ਲਈ ਮੈਂ ਗਾਣਿਆਂ ਦੀ ਬਜਾਏ prose format ‘ਤੇ ਉਤਰ ਆਇਆ, ਤੇ ਝੁੱਲਦੇ ਝਖੜ ਚ ਮੂੰਹ ‘ਤਾਂਹ ਚੁੱਕ ਕੇ ਗਿਆਨ ਵੰਡਣ ਲੱਗਿਆ।
ਮਖਾਂ-
“ਮੌਸਮਾਂ ਨਾਲ਼ ਬੰਦੇ ਦਾ ਵੈਰ ਬਹੁੰ ਪੁਰਾਣਾ ਵੈ। ਬੰਦਾ ਯੱਖ ਚ ਤੁਰਦਾ ਰਿਹਾ ਲੱਖਾਂ ਸਾਲ਼। Heidelberg ਤੋਂ Malta, Tukana ਤੋਂ Lantian । ਤਾਂ ਵੀ ਜਦੋਂ ਪਾਲ਼ਾ ਲਗਦਾ ਏ ਤਾਂ ਅੰਞ ਲਗਦਾ ਕਿ ਬੱਸ ਮੈਂ-ਨੂੰ ਹੀ ਲੱਗ ਰਿਹਾ ਏ। ਆਪਣੇ ਆਸੇ-ਪਾਸੇ ਨਿਗਾਹ ਮਾਰ। ਸਾਰੇ ਪੈਰ ਘਸੀਟਦੇ ਤੁਰੇ ਨੇ ਕੋਈ ਨਵਾਂ ਦੇਸ ਲੱਭਣ”।
ਇਸ ਸਿਆਣੀ ਗੱਲ ਨਾਲ਼ ਮੇਰਾ ਹੌਂਸਲਾ ਤਾਂ ਵਧਿਆ, ਪਰ hypothermia ਕਾਰਨ ਮੇਰਾ ਦਿਮਾਗ ਬੁੱਝ-ਬੁੱਝ ਕੇ ਜਗ ਰਿਹਾ ਸਾ। ਮੈਂ ਭੁੱਲ ਗਿਆ ਕਿ ਮੈਂ ਜਾ ਕਿੱਥੇ ਰਿਹਾ ਸਾਂ, ਸੋ ਖਲੋ ਕੇ ਪੈਰਾਂ ਦੇ ਦੱਸੇ ਤੀਰਾਂ ਵੱਲ ਵੇੱਖਣ ਲੱਗ ਪਿਆ। ਆਗੇ ਕੋ।
ਆਗੇ ਕੋ।
ਪਾਲ਼ੇ ਨੂੰ ਅੱਗੋਂ ਕੋਈ ਗੱਲ ਨਹੀਂ ਸੁੱਝੀ ਤਾਂ ਮੈਂ-ਨੂੰ ਹੱਥੀਂ ਪੈ ਗਿਆ। ਮੇਰੀ ਦਾੜ੍ਹੀ ਦੀਆਂ ਜੜ੍ਹਾਂ ਬਣਾ ਛੱਡੀਆਂ, ਜੋ ਬਰਫ਼ ਨਾਲ਼ ਲੰਮੀਆਂ ਹੋ-ਹੋ ਸੜਕ ਨਾਲ਼ ਜੜ੍ਹ ਲਾਵਣ ਲੱਗੀਆਂ ਤਾਂ ਜੋ ਮੈਂ-ਤੋਂ ਤੁਰ ਨਾ ਹੋਵੇ। ਸਾਰੀ ਖੇਡ ਹੁਣ ਪੈਰਾਂ ‘ਪਰ ਜਾ ਪਈ ਸੀ। ਤੁਰੋ! ਮਖਾਂ ਅੱਜ ਤਾਂ ਜ਼ਰੂਰ ਤੁਰੋ। ਬਰਫ਼ ਦੇ ਝੱਖੜ ਚ ਕੌਣ ਰੁਕਦਾ ਏ? ਸਿਰਫ਼ ਐਸੇ ਲੋਕ, ਜਿਨ੍ਹਾਂ ਕਿਹੇ-ਥਾਂ ਨਹੀਂ ਜਾਣਾ ਹੋਵੰਦਾ।ਪੈਰ: ਕੌਣ ਲੋਕ ਸਨ ਓਹ? ਕਿੱਥੇ ਰਹਿੰਦੇ ਸਨ?
ਮੈਂ: ਜਿਹੜੇ ਇਗਲੂਆਂ ਚ ਰਹਿੰਦੇ ਨ। ਜਿਹੜੇ ਜਾਣਦੇ ਸਨ ਰੱਬ ਦਾ ਅੰਨੇਰਾ ਕਿੰਨਾਂ ਠੰਢਾ ਹੋਂਦਾ ਏ। ਜਿਨ੍ਹਾਂ ਨੂੰ ਸਿਰਫ਼ ਏਨਾਂ ਕੁ ਹੀ ਪਤਾ ਹੋਂਦਾ ਸਾ ਕਿ ਕਿਤੇ ਵੀ ਜਾਣਾ ਮੁਨਾਸਿਬ ਨਹੀਂ। ਬਿੱਲ ਤਾਰ-ਤਾਰ ਕੇ ਵੀ ਲੋਕ ਮਰ ਹੀ ਜਾਵੰਦੇ ਨ। ਸ਼ਹਿਰਾਂ ਚ ਲੋਕ ਗ਼ੈਬ ਹੱਥੋਂ ਮਰਦੇ ਨੇ, ਓਤ-ਥਾਂ ਜੋ ਹ ਸਾ, ਲਭਦਾ ਸਾ— ਤੇ ਥੋੜਾ-ਮਤਾ ਬਚਾਅ ਵੀ ਕਰ ਹੋਂਦਾ ਸਾ। ਮੇਰੇ ਪਿੰਡ ਦੀ ਟਾਹਲੀ ਹੇਠਾਂ ਬੈਠੇ ਜਾਹਿਲ ਲੋਕ।
! ਮਾਂ! ਮੈਂ ਵੱਡਾ ਹੋ ਕੇ ਜਾਹਿਲ ਬਣਣਾ ਏ, ਪਲੀਜ਼?
- ਠੀਕ ਏ, ਰੋਹੜੂ ਨਾ ਟੱਪੀਂ।ਇਹ ਓਦੋਂ ਦੀਆਂ ਗੱਲਾਂ ਨ। ਇਹ circular one way ਏ, ਆਗੇ ਕੋ।
ਇਤ-ਥਾਂ:
ਘਰ ਬਿੱਲੂ ਏ ਉਡੀਕਦਾ ਤੇ ਸਾਮ੍ਹਣੇ ਜਹਾਜ਼। ਜਹਾਜ਼ ਅੰਦਰ ਕੋਈ ਪਾਗਲ ਜਹਾਜ਼ਰਾਣੀ ਏ ਜਿਹੜੀ ਢੋਲ਼ ਬਹੁੰ ਸੁਹਣਾ ਵਜਾਵੰਦੀ ਏ। ਰਸੋਈ ਏ, ਰਸੋਈਯੇ ਨ, ਤੇ ਰੋਟੀ ਏ। ਅਸਾਂ ਜ਼ਰੂਰ ਪੁਜਣਾ ਏ।
ਪੈਰ ਕਹਿਣ ਲੱਗੇ, ਸਾਨੂੰ ਹਵਾ ਦਾ ਹਿਸਾਬ ਲਾ ਕੇ ਦੱਸ ਤਾਂ ਜੋ ਅਸੀਂ ਕੋਈ ਨਵੀਂ setting ਕਰ ਸਕੀਏ। ਮੈਂ ਇਕ ਹੱਥ ਉੱਪਰ ਚੁੱਕਿਆ, ਹਵਾ ਨੂੰ ਅੰਗੂਠੇ ਤੇ ਉਂਗਲ਼ ਵਿਚਕਾਰ ਫੜਿਆ, ਤੇ ਮਲ਼ ਕੇ ਵੇੱਖਿਆ। ਇਹ ਸਾਰਾ ਕੁਝ ਮੇਰੀ ਦੋਂ ਉਂਗਲ਼ਾਂ ਦੇ ਇਹ ਆ ਜਾਵੰਦਾ ਸਾ। ਮੈਂ ਖੀਵੇ ਹੋਏ ਨੇ ਰੌਲ਼ਾ ਪਾ ਲਿਆ, “ਓਏ! ਇਹ ਤਾਂ ਮੇਰੇ ਹੱਥ ਚ ਆ ਜਾਵੰਦੀ ਏ। ਮੈਂ ਇਹਨੂੰ ਫੜ ਕਰ ਰਖਦਾ ਵਾਂ, ਤੁਸੀਂ ਖਿੱਚੋ ਕੰਮ”।
ਹਵਾ ਕੁਝ ਫੜ ਲੈਣ ਵਾਲ਼ੀ ਗੱਲ ਮੇਰੇ ਸਾਰੇ ਸਰੀਰ ਨੂੰ ਬਹੁੰ ਚੰਗੀ ਲੱਗੀ। ਮੇਰੇ ਅੰਦਰ ਦਾ ਕੋਲ਼ਾ ਚਮਕ ਪਿਆ ਸਾ। ਜਿਵੇਂ ਬਾਹਰ ਮੰਦੇ ਹਾਲਾਤ ਵੇਖ ਮੇਰੇ ਅੰਦਰ ਨੇ ਇਕ ਆਖ਼ਰੀ ਜ਼ੋਰ ਲਾਇਆ ਹੋਵੇ। ਮੈਂ ਕਾਰਾਂ ਤੇ ਬੱਸਾਂ ਟੱਪਦਾ ਦੌੜਨ ਲੱਗਿਆ। ਸਾਰੇ ਮੋਏ ਜਾਗ ਪਏ ਸਨ ਤੇ ਅਸੀਂ ਜੈਕਾਰੇ ਛਡਦੇ, ਪਾਲ਼ੇ ਦੇ ਅਹੁਏ ਲਾਹ ਰਹੇ ਸਾਂ।
ਆਖਿਰ ਬਰਫ਼ ਦੀ ਕੰਧ ਢਹਿ ਗਈ, ਤੇ ਓਸ ਪਿੱਛੇ ਲੁਕਿਆ Foodbank ਸੂਰਜ ਵਾਂਙ ਚੜ੍ਹ ਆਇਆ। ਮੇਰੇ ਹੱਥ ਨੇ ਜੋਸ਼ ਚ ਆ ਕਰ ਦਰਵਾਜਾ ਏਨੇ ਜ਼ੋਰ ਨਾਲ਼ ਖੋਲ੍ਹਿਆ ਕਿ ਅੰਦਰੋਂ ਇਕ ਮਾਈ ਓਸ ਨਾਲ਼ ਚਿੰਬੜੀ ਆਈ, ਤੇ ਬਾਹਰ ਬਰਫ਼ ਚ ਜਾ ਡਿੱਗੀ। ਉਹ-ਨੂੰ ਹੇਠੋਂ ਚੁੱਕ ਅੰਦਰ ਕੀਤਾ ਤਾਂ ਵੇਖਿਆ:
ਕੁਝ ਦੇਰ ਮੈਂ-ਨੂੰ ਕੋਈ ਹਰਕਤ ਨਾ ਕਰਦਾ ਵੇਖ Leanne ਨੇ ਬੁੱਝ ਲਿਆ ਕਿ hypothermia ਤੋਂ ਬਾਅਦ ਅਚਾਨਕ ਮਿਲੀ heat ਕਾਰਨ ਮੈਂ ਬੇ-ਹੋਸ਼ ਹੋ ਰਿਹਾ ਸਾਂ । ਓਹ-ਨੇ ਇਕ ਵਾਰ ਆਪਣੀਆਂ ਦੋਵ੍ਹੇਂ ਬਾਹਵਾਂ ਦਾ ਮੋੱਟਾ ਰੱਸਾ ਬੁਣਿਆ, ਮੇਰੇ ਲੱਕ ਦੁਆਲ਼ੇ ਵਲਿ਼ਆ ਤੇ ਮੈ-ਨੂੰ ਅੰਞ ਕਰ ਪੀੜਿਆ ਕਿ ਅਸੀਂ ਦੋਵ੍ਹੇਂ ਕੁੱਲ ਅੱਧੇ ਜਣੇ ਦੀ ਜਗ੍ਹਾ ਘੇਰ ਰਹੇ ਸਾਂ। ਇਸ exchange ਤੋਂ ਬਾਅਦ ਮੈਂ ਵੀ ਓਸ ਵਰਗਾ ਨਰੋਇਆ ਹੋ ਗਿਆ। ਜਿਵੇਂ ਓਹ-ਨੇ ਆਪਣੇ ਅੰਦਰੋਂ ਕੁਝ ਫ਼ਾਈਲਾਂ copy ਕਰ ਕੇ ਮੇਰੇ ਅੰਦਰ paste ਕਰ ਦਿੱਤੀਆਂ ਹੋਵਣ। Noticing my system coming back online, she asked, “coffee?”
ਇਸ ਇਕ ਨਾਲ਼ coffee ਪੀਵਣ ਖ਼ਾਤਰ ਮੈਂ ਹੇ-ਥੇ ਪੁੱਜਿਆ ਸਾਂ। ਮੈਨੂੰ ਭੁੱਖ ਵੀ ਲੱਗੀ ਸੀ ਪਰ ਆਪ ਨੂੰ ਦਿੱਤੇ ਵਾਧੂ ਹੌਂਸਲੇ ਕਾਰਨ ਮੇਰਾ attitude ਥੋੜਾ ਫ਼ੰਨੇਖ਼ਾਂਨਾਂ ਵਾਲ਼ਾ ਹੋ ਗਿਆ ਸਾ। ਮੈਂ ਹੱਸ ਕਰ ਆਖਿਆ , “ਸੁਟਾ ਦੇ ਬੋਰਾ ਮਿੱਟੀ ਦਾ, ਹਾਏ ਮੈਂ ਮਿੱਟੀ ਖਾਣੀ ਏ।”
Leanne ਮਿੱਠਾ ਜਿੰਨਾਂ ਹੱਸੀ
ਤੇ ਓਹ-ਨੇ ਆਪਣੀ ਥੋੜੀ ਜਿਹੀ ਮਿੱਟੀ ਲੁਹਾ ਕੇ ਮੇਰੇ ਨਾਲ਼ ਲਾ ਦਿੱਤੀ।
The body has its own politics. What the mind decides, the hands, legs, hunger and weather may quietly refuse.
Here, cold becomes more than weather: a force that separates, obscures, and then pushes the body toward another body. The chapter moves by its own strange survival logic—forward, toward heat, food, and Leanne.
At the end, the “cloud” lifts. Not through understanding, but through contact.